ਕਹਾਣੀ ਦੇ ਤੱਤ
ਕਹਾਣੀ ਦੇ ਤੱਤ
ਕਹਾਣੀ ਦੇ ਮੁੱਖ ਤੱਤ ਇਹ ਹਨ :
ਪਲਾਟ : ਕਹਾਣੀ ਦਾ ਪਲਾਟ, ਗੋਂਦ ਜਾਂ ਕਥਾਨਕ ਸੰਖੇਪ ਤੇ ਸਰਲ ਹੁੰਦਾ ਹੈ। ਕਥਾਨਕ ਦਾ ਅਰੰਭ ਬੜਾ ਨਾਟਕੀ ਹੁੰਦਾ ਹੈ ਅਤੇ ਕਹਾਣੀ ਪਹਿਲੀ ਤੁਕ ਵਿੱਚ ਹੀ ਸਮੱਸਿਆ ਦੀ ਸੂਚਨਾ ਦੇ ਦਿੰਦੀ ਹੈ। ਫਿਰ ਕਹਾਣੀ ਮਘਦੇ ਕਾਰਜ ਨਾਲ ਸਿਖਰ ਵੱਲ ਵਧਦੀ ਹੈ ਅਤੇ ਅੰਤ ਸੁਝਾਊ ਤੇ ਹੈਰਾਨੀਜਨਕ ਹੁੰਦਾ ਹੈ। ਆਮ ਤੌਰ ‘ਤੇ ਕਹਾਣੀ ਦਾ ਅੰਤ ਬੰਦੂਕ ਵਿੱਚੋਂ ਨਿਕਲੀ ਗੋਲੀ ਵਾਂਗ ਝਟਪਟਾ ਹੁੰਦਾ ਹੈ ਤੇ ਬਹੁਤ ਕੁਝ ਪਾਠਕਾਂ ਦੀ ਕਲਪਨਾ ’ਤੇ ਅਣਕਿਹਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਿੱਕੀ ਕਹਾਣੀ ਦੀ ਗੋਂਦ ਕੱਸਵੀਂ ਤੇ ਚੁਸਤ ਹੁੰਦੀ ਹੈ। ਪਲਾਟ ਵਿਚਲੀਆਂ ਘਟਨਾਵਾਂ ਲੜੀਬੱਧ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹੁੰਦੀਆਂ ਹਨ। ਸਮੇਂ, ਸਥਾਨ ਤੇ ਪ੍ਰਭਾਵ ਦੀ ਏਕਤਾ ਹੋਣੀ ਚਾਹੀਦੀ ਹੈ।
ਪਾਤਰ-ਚਿਤਰਨ : ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪ੍ਰਭਾਵ ਦੀ ਏਕਤਾ ਕਾਇਮ ਰੱਖਣ ਲਈ ਘੱਟ ਪਾਤਰ ਹੀ ਵਿਸ਼ੇਸ਼ ਪਾਤਰਾਂ ਦੇ ਕਿਰਦਾਰ ਨੂੰ ਸਮੁੱਚੀਆਂ ਸੰਭਾਵਨਾਵਾਂ ਸਹਿਤ ਨਿਖਾਰ ਸਕਦੇ ਹਨ। ਨਿੱਕੀ ਕਹਾਣੀ ਵਿੱਚ ਵਧੇਰੇ ਪਾਤਰਾਂ ਨਾਲ ਨਾਵਲੀ ਰੂਪ ਵਾਲਾ ਪ੍ਰਭਾਵ ਪੈਦਾ ਹੋ ਸਕਦਾ ਹੈ।
ਵਾਰਤਾਲਾਪ : ਕਹਾਣੀ ਵਿੱਚ ਵਾਰਤਾਲਾਪ ਬੇਰੋਕ, ਚੁਸਤ, ਸੁਭਾਵਕ ਤੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ। ਪਾਤਰਾਂ ਦੀ ਹਾਜ਼ਰ-ਜਵਾਬੀ, ਤੁਰੰਤ, ਛੋਟੇ ਵਾਕ ਤੇ ਤੇਜ਼ ਗਤੀ ਨਾਲ ਕਹਾਣੀ ਦੀ, ਪ੍ਰਭਾਵਸ਼ਾਲੀਤਾ ਰੌਚਕਤਾ ਕਾਇਮ ਰਹਿੰਦੀ ਹੈ।
ਵਾਤਾਵਰਨ ਤੇ ਦ੍ਰਿਸ਼ ਚਿਤਰਨ : ਕਹਾਣੀ ਵਿੱਚ ਜੀਵਨ ਦੀ ਵਿਸ਼ੇਸ਼ ਘਟਨਾ ਜਾਂ ਪ੍ਰਸਥਿਤੀ ਦਾ ਭਾਵੁਕ ਪ੍ਰਗਟਾਵਾ ਹੁੰਦਾ ਹੈ, ਜਿਸ ਕਰਕੇ ਉਸ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਨ ਦੇ ਚਿਤਰਨ ਰਾਹੀਂ ਪੇਸ਼ ਕਰਨ ਨਾਲ ਯਥਾਰਥਕਤਾ ਤੇ ਸੁਭਾਵਕਤਾ ਦੇ ਦੋ ਵਿਸ਼ੇਸ਼ ਗੁਣ ਸੰਭਵ ਹੁੰਦੇ ਹਨ। ਜਿਵੇਂ ਸੁਜਾਨ ਸਿੰਘ ਦੀ ਕਹਾਣੀ ‘ਬਾਗ਼ਾਂ ਦਾ ਰਾਖਾ’ ਸਿਰਫ਼ ਇੱਕ ਗ਼ਰੀਬ ਮੁੰਡੇ ‘ਬਾਰੂ’ ਦੀ ਦਾਸਤਾਨ ਹੀ ਨਹੀਂ ਬਲਕਿ ਸਮਾਜ ਦੇ ਨਿਜ਼ਾਮ ’ਤੇ ਵਿਅੰਗ ਹੈ।
ਭਾਸ਼ਾ ਤੇ ਸ਼ੈਲੀ : ਕਹਾਣੀ ਵਿੱਚ ਸ਼ਬਦਾਂ ਦਾ ਸਜੀਵ, ਢੁਕਵਾਂ ਰੌਚਕ, ਸੰਕੇਤਕ ਅਤੇ ਪ੍ਰਭਾਵਸ਼ਾਲੀ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਬਿਰਤਾਂਤ ਸਿਰਜਣ ਸਮੇਂ ਲੋਕ ਮੁਹਾਵਰੇ ਤੇ ਅਖਾਣਾਂ ਦੀ ਵਰਤੋਂ ਨਾਲ ਵਧੇਰੇ ਪ੍ਰਭਾਵ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਤਰਾਂ ਦੀ ਮਾਨਸਿਕਤਾ, ਵਿੱਦਿਅਕ ਪੱਧਰ ਤੇ ਸੁਭਾਅ ਦੇ ਅਨੁਸਾਰ ਹੀ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਕਹਾਣੀਕਾਰ ਵਿਸ਼ੇ ਦੇ ਪ੍ਰਗਟਾਅ ਲਈ ਢੁਕਵੀਂ ਕਥਾਤਮਕ ਸ਼ੈਲੀ, ਆਤਮ ਕਥਾ ਸ਼ੈਲੀ, ਵਾਰਤਾਲਾਪੀ ਸ਼ੈਲੀ ਆਦਿ ਦੇ ਕਿਸੇ ਦੀ ਵੀ ਵਰਤੋਂ ਕਰ ਸਕਦਾ ਹੈ।
ਉਦੇਸ਼ : ਹਰ ਕਹਾਣੀ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਕਹਾਣੀਕਾਰ ਉਦੇਸ਼ ਨੂੰ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਦੁਆਰਾ ਪੇਸ਼ ਕਰਦਾ ਹੈ। ਆਧੁਨਿਕ ਕਹਾਣੀਆਂ ਆਮ ਤੌਰ ‘ਤੇ ਕਿਸੇ ਸੱਚ ਦੀ ਪੇਸ਼ਕਾਰੀ ਕਰਦੀਆਂ ਹਨ। ਇਹ ਸੱਚ ਮਨੋਵਿਗਿਆਨਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਵੀ ਹੋ ਸਕਦਾ ਹੈ।
ਪੰਜਾਬੀ ਕਹਾਣੀ ਦਾ ਅਰੰਭ : ਭਾਈ ਮੋਹਨ ਸਿੰਘ ਵੈਦ ਦੀਆਂ ਕਹਾਣੀਆਂ (ਹੀਰੇ ਦੀਆਂ ਕਣੀਆਂ, ਰੰਗ-ਬਿਰੰਗੇ ਫੁੱਲ) ਨਾਲ ਪੰਜਾਬੀ ਨਿੱਕੀ ਕਹਾਣੀ ਦਾ ਮੁੱਢਲਾ ਦੌਰ ਅਰੰਭ ਹੁੰਦਾ ਹੈ। ਇਨ੍ਹਾਂ ਦੀਆਂ ਕਹਾਣੀਆਂ ਸੁਧਾਰਵਾਦੀ ਤੇ ਆਦਰਸ਼ਵਾਦੀ ਹਨ। ਇਸੇ ਦੌਰ ਵਿੱਚ ਚਰਨ ਸਿੰਘ ਸ਼ਹੀਦ ਨੇ ‘ਹੱਸਦੇ ਹੰਝੂ’ ਕਹਾਣੀ ਸੰਗ੍ਰਹਿ ਲਿਖਿਆ।